19ਫਰਬਰੀ। ਡੀਡੀ ਨਿਊਜ਼ਪੇਪਰ।ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬਡਾਣਾ ਵਿੱਚ ਸ਼ਾਮਲਾਟ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀ ਚਾਲਕਾਂ ਨੂੰ ਰੋਕਣ ਗਏ ਭਾਕਿਯੂ ਏਕਤਾ ਉਗਰਾਹਾਂ ਨਾਲ ਸਬੰਧਤ ਕਿਸਾਨ ਆਗੂ ਨੂੰ ਟਰੈਕਟਰ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ 70 ਸਾਲਾ ਗੁਰਚਰਨ ਸਿੰਘ ਵਾਸੀ ਬਡਾਣਾ ਵਜੋਂ ਹੋਈ ਹੈ।ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਕਾਲਾ, ਜਸਵਿੰਦਰ ਸਿੰਘ ਉਰਫ਼ ਛਿੰਦਾ, ਹਰਵਿੰਦਰ ਸਿੰਘ ਉਰਫ਼ ਗੱਗੂ ਸਮੇਤ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਜੋਂ ਕੀਤੀ ਹੈ ਅਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਛੱਜੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਹੰਡੇਸਰਾ ਦੇ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਬਡਾਣਾ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਮਾਈਨਿੰਗ ਕੀਤੀ ਜਾ ਰਹੀ ਸੀ। ਰਾਤ ਕਰੀਬ ਸਾਢੇ 11 ਵਜੇ ਮਾਈਨਿੰਗ ਮਸ਼ੀਨਾਂ ਦੀ ਆਵਾਜ਼ ਸੁਣ ਕੇ ਉਸ ਦੇ ਪਿਤਾ ਮੌਕੇ ‘ਤੇ ਪੁੱਜੇ। ਮਹਿੰਦਰ ਸਿੰਘ ਪੁੱਤਰ ਸੁਰਮੁੱਖ ਸਿੰਘ ਬਡਾਣਾ ਵੀ ਉਨ੍ਹਾਂ ਦੇ ਨਾਲ ਸਨ।
ਉਨ੍ਹਾਂ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀ ਚਾਲਕ ਨੂੰ ਰੋਕ ਕੇ ਪੁੱਛਿਆ ਕਿ ਉਕਤ ਮਿੱਟੀ ਕਿੱਥੇ ਲਿਜਾਈ ਜਾ ਰਹੀ ਹੈ। ਟਰੈਕਟਰ ਚਾਲਕ ਨੇ ਦੱਸਿਆ ਕਿ ਹਰਵਿੰਦਰ ਸਿੰਘ ਗੱਗੂ ਪੁੱਤਰ ਕ੍ਰਿਪਾਲ ਸਿੰਘ ਇਸ ਮਿੱਟੀ ਨੂੰ ਉਤਾਰ ਰਿਹਾ ਹੈ।
ਡਰਾਈਵਰ ਨੇ ਕਿਹਾ ਕਿ ਜਾਂ ਤਾਂ ਹਰਵਿੰਦਰ ਸਿੰਘ ਨੂੰ ਬੁਲਾਓ ਜਾਂ ਫਿਰ ਪੰਚਾਇਤ ਨੂੰ ਇੱਥੇ ਬੁਲਾਓ। ਇਸ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਨੇ ਪੰਜ-ਸੱਤ ਨੌਜਵਾਨਾਂ ਨੂੰ ਬੁਲਾਇਆ ਅਤੇ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਕਿਹਾ ਕਿ ਟਰੈਕਟਰ-ਟਰਾਲੀ ਨੂੰ ਜਾਣ ਦਿਓ, ਅਸੀਂ ਹਰਵਿੰਦਰ ਸਿੰਘ ਨੂੰ ਬੁਲਾਵਾਂਗੇ। ਅਜੇ ਉਨ੍ਹਾਂ ਨਾਲ ਬਹਿਸ ਚੱਲ ਰਹੀ ਸੀ ਕਿ ਉਦੋਂ ਹੀ ਚਾਰ ਨੌਜਵਾਨ ਉਥੇ ਪਹੁੰਚ ਗਏ। ਇਨ੍ਹਾਂ ਵਿੱਚ ਜਸਵਿੰਦਰ ਸਿੰਘ ਉਰਫ ਕਾਲਾ ਪੁੱਤਰ ਛੱਜੂ ਸਿੰਘ, ਜਸਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਵੀਰ ਸਿੰਘ ਸ਼ਾਮਲ ਸਨ। ਉਨਾਂ ਨੇ ਡਰਾਈਵਰ ਨੂੰ ਕਿਹਾ ਕਿ ਤੁਸੀਂ ਚਲੇ ਜਾਓ, ਅਸੀਂ ਟਰੈਕਟਰ-ਟਰਾਲੀ ਚਲਾਉਂਦੇ ਹਾਂ।
ਇਨ੍ਹਾਂ ਨੌਜਵਾਨਾਂ ‘ਚੋਂ ਇਕ ਨੇ ਕਿਹਾ ਕਿ ਜੇਕਰ ਕੋਈ ਪਿੱਛੇ ਨਾ ਹਟਿਆ ਤਾਂ ਉਸ ਨੂੰ ਕੁਚਲ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਜਸਵਿੰਦਰ ਸਿੰਘ ਉਰਫ ਕਾਲਾ ਪੁੱਤਰ ਛੱਜੂ ਸਿੰਘ ਨੇ ਬਿਆਨਕਰਤਾ ਦੇ ਪਿਤਾ ਗੁਰਚਰਨ ਸਿੰਘ ‘ਤੇ ਟਰੈਕਟਰ-ਟਰਾਲੀ ਚੜ੍ਹਾ ਕੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਗੁਰਪ੍ਰੀਤ ਅਤੇ ਹਰਜੀਤ ਸਿੰਘ ਪੁੱਤਰ ਸਾਧੂ ਸਿੰਘ ਦੀ ਮਦਦ ਨਾਲ ਪਿਤਾ ਨੂੰ ਤੁਰੰਤ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਪਹੁੰਚਾਇਆ। ਇੱਥੇ ਡਾਕਟਰਾਂ ਨੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ ਉਪਰੋਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਈਨਿੰਗ ਐਕਟ ਦੀ ਧਾਰਾ 302-379 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇੱਕ ਟਰੈਕਟਰ-ਟਰਾਲੀ ਸਮੇਤ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਹੋਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।







