ਜੰਤਰ-ਮੰਤਰ ਵਿਖੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਪਹਿਲਵਾਨ ਇੱਕ ਨਾਬਾਲਗ ਸਮੇਤ ਸੱਤ ਪਹਿਲਵਾਨਾਂ ਦੇ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਡਬਲਯੂਐਫਆਈ ਮੁਖੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ ਅਤੇ ਹੁਣ ਇਸ ਸੂਚੀ ਵਿੱਚ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦਾ ਨਾਂ ਵੀ ਜੁੜ ਗਿਆ ਹੈ। ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਆਗੂ ਅਤੇ ਵੱਡੀ ਗਿਣਤੀ ਕਿਸਾਨ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਦਿੱਲੀ ਵੱਲ ਤੁਰ ਪਏ ਹਨ।
ਇਸ ਸਬੰਧੀ ਦਿੱਲੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਦੇ ਆਸਪਾਸ ਬਾਰਡਰ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਖਾਸਕਰ ਸਿੰਘੂ ਬਾਰਡਰ ਉਤੇ ਪੁਲਿਸ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।ਡੀਸੀਪੀ ਪੱਧਰ ਦੇ ਅਧਿਕਾਰੀ ਖੁਦ ਬਾਰਡਰ ‘ਤੇ ਤਾਇਨਾਤ ਹਨ। ਪਹਿਲਵਾਨਾਂ ਦੇ ਸਮਰਥਕਾਂ ਨੂੰ ਜਾਣ ਤੋਂ ਰੋਕਣ ਲਈ ਮਿੱਟੀ ਨਾਲ ਭਰੇ ਕਈ ਡੰਪਰ, ਵੱਡੀ ਗਿਣਤੀ ‘ਚ ਬੈਰੀਕੇਡ ਲਗਾਏ ਗਏ ਹਨ, ਨਾਲ ਹੀ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।







