ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸਿਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਪਰਿਵਾਰ ਨਾਲ ਝਗੜੇ ਤੋਂ ਬਾਅਦ ਔਰਤ ਨੇ ਇਹ ਕਦਮ ਚੁੱਕਿਆ ਸੀ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਮੇਂ ਸਿਰ ਉਸ ਔਰਤ ਨੂੰ ਬਾਹਰ ਕੱਢ ਲਿਆ ਗਿਆ ਜਿਸ ਕਰਕੇ ਉਸ ਦੀ ਜਾਨ ਬਚ ਗਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਔਰਤ ਦਾ ਦੁੱਖ ਦੂਰ ਕੀਤਾ, ਹੁਣ ਔਰਤ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਘਟਨਾ ਅੰਮ੍ਰਿਤਸਰ ਦੇ ਬਿਆਸ ਦੀ ਹੈ। ਵੀਰਵਾਰ ਸ਼ਾਮ ਨੂੰ ਇੱਕ ਔਰਤ ਨੇ ਬਿਆਸ ਪੁਲ ਤੋਂ ਸਿੱਧੀ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਪੁਲਿਸ ਮੁਲਾਜ਼ਮਾਂ ਨੇ ਔਰਤ ਨੂੰ ਛਾਲ ਮਾਰਦਿਆਂ ਦੇਖਿਆ ਉਸੇ ਵੇਲੇ ਹੀ ਪੁਲਿਸ ਨੇ ਗੋਤਾਖੋਰਾਂ ਨਾਲ ਸੰਪਰਕ ਕੀਤਾ। ਗੋਤਾਖੋਰਾਂ ਨੇ ਕਿਸ਼ਤੀ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਣ ‘ਚ ਸਫਲਤਾ ਹਾਸਲ ਕੀਤੀ।
ਪੁਲਿਸ ਮੁਲਾਜ਼ਮਾਂ ਨੇ ਔਰਤ ਦੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਉਸ ਨੂੰ ਚਾਹ-ਪਾਣੀ ਪਿਲਾ ਕੇ ਪਰਿਵਾਰ ਬਾਰੇ ਪੁੱਛਿਆ। ਜਿਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਸ਼ਾਂਤ ਕਰਨ ਤੋਂ ਬਾਅਦ ਔਰਤ ਨੂੰ ਉਸ ਦੇ ਪਰਿਵਾਰ ਸਮੇਤ ਵਾਪਸ ਭੇਜ ਦਿੱਤਾ ਗਿਆ।
DSP ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਆਸ ਦਰਿਆ ’ਤੇ ਆਤਮ ਹੱਤਿਆ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਉਥੇ ਮੌਜੂਦ ਸਟਾਫ਼ ਵੱਲੋਂ ਇਸ ’ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਪੁਲਿਸ ਦੀ ਤਰਫੋਂ ਗੋਤਾਖੋਰਾਂ ਨੂੰ ਵੀ ਬਿਆਸ ਦਰਿਆ ਦੇ ਨਾਲ ਹਰ ਸਮੇਂ ਸੰਪਰਕ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਸਮੇਂ ਸਿਰ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।







