HomeVillage NEWSਹਨੀ ਟਰੈਪ ਮਾਮਲੇ ‘ਚ ਕਾਬੂ ਕੀਤੇ ਮੁਲਜ਼ਮ ਪੁਲੀਸ ਅਧਿਕਾਰੀਆ ਨਾਲ

ਹਨੀ ਟਰੈਪ ਮਾਮਲੇ ‘ਚ ਕਾਬੂ ਕੀਤੇ ਮੁਲਜ਼ਮ ਪੁਲੀਸ ਅਧਿਕਾਰੀਆ ਨਾਲ

Spread the News

26, ਮਈ, ਮੁਕੇਰੀਆਂ ( ਬਿਊਰੋ ਚੀਫ਼ ਇੰਦਰਜੀਤ )

ਹਾਜੀਪੁਰ ਪੁਲੀਸ ਨੇ ਬੀਤੇ ਦਿਨ ਕਿਸੇ ਕਾਰਨ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਗਏ ਕੇਸ ਨੂੰ ਸੁਲਝਾਉਂਦਿਆਂ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਦੀ ਜਾਂਚ ਵਿੱਚ ਇਹ ਮਾਮਲਾ ਹਨੀ ਟਰੈਪ ਦਾ ਨਿਕਲਿਆ ਹੈ, ਜਿਸ ਵਿੱਚ ਖੁਦਕੁਸ਼ੀ ਕਰ ਗਏ ਦੁਕਾਨਦਾਰ ਵਿਕਾਸ ਦੱਤਾ ਨੂੰ ਇੱਕ ਸਾਜਿਸ ਤਹਿਤ ਫਸਾਇਆ ਗਿਆ ਸੀ। ਪੁਲੀਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲਾ ਰਿਮਾਂਡ ਹਾਸਲ ਕੀਤਾ ਹੈ, ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਥਾਣਾ ਮੁਕੇਰੀਆਂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਦਿਨ 5 ਮਈ ਨੂੰ ਹਾਜੀਪੁਰ ਦੇ ਦੁਕਾਨਦਾਰ ਵਿਕਾਸ ਦੱਤਾ ਨੇ ਕੋਈ ਜਹਿਰੀਲੀ ਚੀਜ਼ ਖਾ ਲਈ ਸੀ। ਜਿਸਦੀ ਕੌਪੀਟਲ ਹਸਪਤਾਲ ਜਲੰਧਰ ਵਿਖੇ ਇਲਾਜ਼ ਦੌਰਾਨ 7 ਮਈ ਨੂੰ ਮੌਤ ਹੋ ਗਈ ਸੀ। ਪੁਲੀਸ ਨੂੰ ਉਸਦੇ ਭਰਾ ਰਵਿੰਦਰ ਰਾਏ ਨੇ ਦੋ ਫੋਨ ਨੰਬਰ ਮੁਹੱਈਆ ਕਰਵਾਉਂਦਿਆਂ ਬਿਆਨ ਦਿੱਤੇ ਸਨ ਕਿ ਉਸਦੇ ਭਰਾ ਨੂੰ ਉਕਤ ਫੋਨ ਨੰਬਰਾਂ ਤੋਂ ਪੈਸੇ ਦੀ ਮੰਗ ਲਈ ਫੋਨ ਆਉਂਦੇ ਸਨ, ਜਿਸ ਤੋਂ ਤੰਗ ਆ ਕੇ ਵਿਕਾਸ ਦੱਤਾ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਡੀਐਸਪੀ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਨੂੰ ਕੌਪੀਟਲ ਹਸਪਤਾਲ ਲਿਜਾਂਦੇ ਸਮੇਂ ਦੋ ਨੰਬਰਾਂ ਤੋਂ ਵਾਰ ਵਾਰ ਫੋਨ ਆਇਆ ਸੀ। ਜਦੋਂ ਹਾਜੀਪੁਰ ਐਸਐਚਓ ਅਮਰਜੀਤ ਕੌਰ ਵਲੋਂ ਜਾਂਚ ਅੱਗੇ ਵਧਾਈ ਗਈ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਵਿਕਾਸ ਦੱਤਾ ਬੀਤੀ 5 ਮਈ ਨੂੰ ਸਲਮਾ ਨਾਮ ਦੀ ਔਰਤ ਨਾਲ ਮਨਾਰੋ ਵਾਸੀ ਪੁਆਰਾਂ ਦੇ ਘਰ ਗਿਆ ਸੀ। ਜਿੱਥੇ ਵਿਕਾਸ ਦੱਤਾ ਨੂੰ ਸਲਮਾ, ਸੋਨੀਆ, ਮਨਾਰੋ, ਚਰਨਜੀਤ ਕੌਰ, ਹਦਾਇਤਾਂ, ਆਸ਼ਾ ਅਤੇ ਬੱਗੀ ਨੇ ਲੜਕੀ ਦੇ ਪ੍ਰੇਮ ਜਾਲ ਵਿੱਚ ਫਸਾ ਕੇ ਵਿਕਾਸ ਦੱਤਾ ਦੀਆਂ ਇਤਰਾਜ਼ਯੋਗ ਵੀਡੀਓਜ਼ ਤੇ ਫੋਟੋਆਂ ਬਣਾ ਲਈਆਂ। ਜਿਸ ਤੋਂ ਬਾਅਦ ਹਨੀ ਕੁਮਾਰ ਵਾਸੀ ਗੁਰਦਾਸਪੁਰ ਵਲੋਂ ਵਿਕਾਸ ਦੱਤਾ ਨੂੰ ਵੀਡੀਓ ਤੇ ਫੋਟੋਆਂ ਵਾਇਰਲ ਕਰਨ ਦਾ ਦਬਾਅ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਤੰਗ ਆ ਕੇ ਪ੍ਰੇਸ਼ਾਨ ਹੋਏ ਵਿਕਾਸ ਦੱਤਾ ਨੇ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਨਾਰੋ ਵਾਸੀ ਮੁਰਾਦਪੁਰ ਜੱਟਾਂ ਹਾਲ ਵਾਸੀ ਪੁਆਰਾਂ, ਚਰਨਜੀਤ ਕੌਰ ਵਾਸੀ ਟਾਂਡਾ ਰਾਮ ਸਹਾਏ, ਹਨੀ ਕੁਮਾਰ ਵਾਸੀ ਗੁਰਦਾਸਪੁਰ ਅਤੇ ਹਦਾਇਤਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤਾਂ ਵਲੋਂ ਪਹਿਲਾਂ ਵੀ ਕਈ ਅਜਿਹੇ ਹਨੀ ਟਰੈਪ ਕਰਕੇ ਲੋਕਾਂ ਦੀ ਲੁੱਟ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇੱਜਤ ਦੇ ਡਰੋਂ ਪੁਲੀਸ ਨੂੰ ਇਸਦੀ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਰਹਿੰਦੇ ਚਾਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐਸਐਚਓ ਹਾਜੀਪੁਰ ਅਮਰਜੀਤ ਕੌਰ, ਐਸਐਚਓ ਮੁਕੇਰੀਆਂ ਬਲਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ: ਪੁਲੀਸ ਵਲੋਂ ਹਨੀ ਟਰੈਪ ਮਾਮਲੇ ‘ਚ ਕਾਬੂ ਕੀਤੇ ਮੁਲਜ਼ਮ ਪੁਲੀਸ ਅਧਿਕਾਰੀਆ ਨਾਲ

Must Read

spot_img