ਡੀਡੀ ਨਿਊਜ਼ਪੇਪਰ।
ਭਵਾਨੀਗੜ੍ਹ, 30 ਮਈ (ਗੁਰਦੀਪ ਸਿੰਘ) : ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਅੱਜ ਮਿੰਨੀ ਪੀ. ਐੱਚ. ਸੀ ਨਦਾਮਪੁਰ ਤੇ ਬਾਲਦ ਕੈਂਚੀਆਂ ਵਿਖੇ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਤੇ ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਤੰਬਾਕੂ ਕੰਟਰੋਲ ਪ੍ਰੋਗਰਾਮ ਭਾਵ ਕੁਟਾਪਾ ਐਕਟ ਦੇ ਤਹਿਤ ਉਲੰਘਣਾ ਕਰਨ ਵਾਲਿਆਂ ਦੇ ਕੁੱਲ 9 ਚਲਾਨ ਕੱਟੇ ਗਏ।ਇਸ ਮੌਕੇ ਗੁਰਜੰਟ ਸਿੰਘ ਤੇ ਦਲਜੀਤ ਸਿੰਘ ਮ.ਪ.ਸ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨਾ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਇਸ ਦੀ ਵਰਤੋਂ ਕਰਨ ਨਾਲ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਗਲੇ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ, ਖੁਲ੍ਹੀਆਂ ਬੀੜੀਆਂ, ਸਿਗਰਟਾਂ ਵੇਚਣਾ ਤੇ ਵਿਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਤੇ ਪੂਰਨ ਤੌਰ ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਤੰਬਾਕੂ ਪਦਾਰਥਾਂ ਦੇ ਇਸ਼ਤਿਹਾਰ, ਪਬਲੀਸਿਟੀ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਪਦਾਰਥ ਵੇਚਣਾ ਕੁਟਾਪਾ ਐਕਟ ਦੇ ਤਹਿਤ ਪੂਰਨ ਪਾਬੰਦੀ ਹੈ। ਇਸ ਦੀ ਉਲੰਘਣਾ ਕਰਨ ਵਾਲੇ ਦਾ ਚਲਾਨ ਤੇ ਜੁਰਮਾਨਾ ਹੋ ਸਕਦਾ ਹੈ। ਇਸ ਸਮੇੰ ਫ਼ਲਾਂ, ਸਬਜ਼ੀਆਂ ਵੇਚਣ ਵਾਲਿਆਂ ਅਤੇ ਢਾਬਿਆਂ ਵਾਲੇ ਵਿਅਕਤੀਆਂ ਨੂੰ ਸਾਫ਼ ਸਫ਼ਾਈ ਰੱਖਣ ਅਤੇ ਖਾਣ ਪੀਣ ਵਾਲੀਆਂ ਚੀਜਾਂ ਚੰਗੀ ਤਰ੍ਹਾਂ ਢੱਕ ਕੇ ਰੱਖਣ ਸੰਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਪਨ ਕੁਮਾਰ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਪ੍ਰੇਮ ਕੁਮਾਰ ਮ.ਪ.ਹ.ਵ ਮੇਲ ਵੀ ਹਾਜ਼ਰ ਸਨ।







