HomeGood newsਖੇਡ ਮੰਤਰੀ ਨੇ ਦਸੂਹਾ ਦੇ ਪਿੰਡ ਖੇੜਾ ਕੋਟਲੀ ਵਿਖੇ ਬਣੇ ਖੇਡ ਪਾਰਕ...

ਖੇਡ ਮੰਤਰੀ ਨੇ ਦਸੂਹਾ ਦੇ ਪਿੰਡ ਖੇੜਾ ਕੋਟਲੀ ਵਿਖੇ ਬਣੇ ਖੇਡ ਪਾਰਕ ਦਾ ਕੀਤਾ ਉਦਘਾਟਨ

Spread the News

ਦਸੂਹਾ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੇਡ ਸੱਭਿਆਚਾਰ ਅਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਇਸ ਦੀ ਸ਼ੁਰੂਆਤ ਪਿੰਡ ਪੱਧਰ ਤੋਂ ਕਰਨੀ ਪਵੇਗੀ। ਇਸ ਲਈ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਦੇ ਪਿੰਡਾਂ ਵਿੱਚ ਬਹੁਮੰਤਵੀ ਖੇਡ ਪਾਰਕ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਤੋਰਿਆ ਜਾ ਸਕੇ। ਉਹ ਅੱਜ ਦਸੂਹਾ ਦੇ ਪਿੰਡ ਖੇੜਾ ਕੋਟਲੀ ਵਿਚ ਬਣਾਏ ਗਏ ਸ. ਸੰਤੋਖ ਸਿੰਘ ਘੁੰਮਣ ਆਜ਼ਾਦੀ ਘੁਲਾਟੀਏ ਯਾਦਗਾਰੀ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਪਿੰਡ ਖੇੜਾ ਕੋਟਲੀ ਦੇ ਨੌਜਵਾਨ ਸ਼ਹੀਦ ਮਨਜੀਤ ਸਿੰਘ ਦੀ ਯਾਦ ਵਿੱਚ ਯਾਦਗਾਰੀ ਗੇਟ ਦਾ ਨੀਂਹ ਪੱਥਰ ਵੀ ਰੱਖਿਆ।

ਖੇਡ ਮੰਤਰੀ ਨੇ ਦੱਸਿਆ ਕਿ ਦਸੂਹਾ ਦੇ ਪਿੰਡ ਖੇੜਾ ਕੋਟਲੀ ਵਿੱਚ ਬਣਾਏ ਗਏ ਬਹੁਮੰਤਵੀ ਖੇਡ ਪਾਰਕ ਵਿੱਚ ਹਾਕੀ, ਫੁੱਟਬਾਲ, ਬਾਸਕਿਟਬਾਲ, ਵਾਲੀਬਾਲ ਤੇ ਬੈਡਮਿੰਟਨ ਗਰਾਊਂਡ, ਬੱਚਿਆਂ ਲਈ ਖੇਡਣ ਦਾ ਖੇਤਰ, ਝੂਲੇ, ਓਪਨ ਜਿੰਮ, 3 ਬੈਠਣ ਵਾਲੀਆਂ ਝੌਂਪੜੀਆਂ ਅਤੇ ਸੈਰ ਕਰਨ ਦਾ ਰਸਤਾ ਹੈ। ਇਸ ਦੇ ਨਾਲ ਹੀ ਡੇਢ ਏਕੜ ਵਿੱਚ ਘਾਹ ਲਾਇਆ ਗਿਆ ਹੈ ਅਤੇ ਘਾਹ ਦੀ ਸੰਭਾਲ ਲਈ ਪਾਰਕ ਵਿੱਚ ਸਪ੍ਰਿੰਕਲ ਸਿਸਟਮ ਵੀ ਲਗਾਇਆ ਗਿਆ ਹੈ। ਰਾਤ ਸਮੇਂ ਲੋਕਾਂ ਦੀ ਸਹੂਲਤ ਲਈ ਹਾਈ ਮਾਸਕ ਲਾਈਟਾਂ ਅਤੇ ਫੁੱਟਪਾਥ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਨੇ ਖਿਡਾਰੀਆਂ ਨੂੰ ਪਿੰਡ ਪੱਧਰ ‘ਤੇ ਅੱਗੇ ਆਉਣ ਦਾ ਮੌਕਾ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ‘ਚ ਅਜਿਹੇ ਮੁਕਾਬਲਿਆਂ ਨੂੰ ਹੋਰ ਵੱਡੇ ਮੁਕਾਮਾਂ ‘ਤੇ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਖਿਡਾਰੀਆਂ ਦੀਆਂ ਮੁੱਢਲੀਆਂ ਲੋੜਾਂ ਵੱਲ ਧਿਆਨ ਦੇ ਰਹੀ ਹੈ। ਇਸ ਲਈ ਨਵੀਂ ਖੇਡ ਨੀਤੀ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਧੁਰਾ ਲੋਕਾਂ ਨੂੰ ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ,ਐਸ.ਡੀ.ਐਮ. ਦਸੂਹਾ ਓਜਸਵੀ ਅਲੰਕਾਰ, ਦਿਹਾਤੀ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ, ਡੀ.ਐਸ.ਪੀ ਦਸੂਹਾ ਬਲਬੀਰ ਸਿੰਘ, ਬੀ.ਡੀ.ਪੀ.ਓ ਧਨਵੰਤ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਅਦਿਤਿਆ ਮਦਾਨ, ਮਨਜਿੰਦਰ ਸਿੰਘ ਨਿੱਕੂ ਚੱਕ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ, ਨਰਿੰਦਰ ਸਿੰਘ ਮੁਲਤਾਨੀ ਸੀਨੀਅਰ ਆਗੂ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ ,ਸਰਪੰਚ ਸੁਰਜੀਤ ਕੌਰ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Must Read

spot_img