ਸਹਿਣਾ,7,ਫਰਵਰੀ(ਸੁਰਿੰਦਰ ਗੋਇਲ) : ਭਾਜਪਾ ਵਲੋਂ ਜ਼ਿਲ੍ਹਾ ਬਰਨਾਲਾ ਕਮੇਟੀ ਦੀ ਜਾਰੀ ਸੂਚੀ ’ਚ ਪਿੰਡ ਸ਼ਹਿਣਾ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਨਹੀਂ ਲਿਆ ਗਿਆ। ਜਿਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਭਾਜਪਾ ਨੇ ਆਪਣੀ ਸੂਚੀ ’ਚ ਸ਼ਹਿਣੇ ਦੇ ਕਿਸੇ ਵਿਅਕਤੀ ਨੂੰ ਨੁਮਾਇੰਦਗੀ ਦੇਣ ਲਈ ਯੋਗ ਨਹੀਂ ਸਮਝਿਆ। ਭਾਂਵੇ ਕਿ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਸ਼ਹਿਣੇ ਦੇ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਰਿਹਾ। ਪਰ ਸੱਤਾ ’ਚ ਆਉਣ ਤੋਂ ਬਾਅਦ ਸ਼ਹਿਣੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ। ਜਿਸ ਸਦਕਾ ਸ਼ਹਿਣਾ ਅੱਜ ਕਸਬੇ ਤੋਂ ਪਿੰਡ ਬਨਣ ’ਚ ਅਹਿਮ ਰੋਲ ਨਿਭਾ ਰਿਹਾ ਹੈ। ਭਾਜਪਾ ਦੀ ਤਾਜ਼ਾ ਜਾਰੀ ਜ਼ਿਲ੍ਹਾ ਕਮੇਟੀ ਦੀ ਸੂਚੀ ਨੇ ਵਰਕਰਾਂ ਨੂੰ ਹੀ ਅਹਿਮੀਅਤ ਨਾ ਦੇਣ ਤੋਂ ਬਾਅਦ ਚਰਚਾ ਇਸ ਗੱਲ ਦੀ ਹੈ ਕਿ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਸ਼ਹਿਣੇ ਨੂੰ ਕੋਈ ਅਹਿਮੀਅਤ ਨਹੀਂ ਮਿਲਣ ਸਕਣੀ। ਇਸ ਸੂਚੀ ਤੋਂ ਬਾਅਦ ਭਾਵੇ ਸ਼ਹਿਣੇ ਦਾ ਕੋਈ ਵੀ ਭਾਜਪਾ ਆਗੂ ਜਾਂ ਵਰਕਰ ਇਸਦਾ ਵਿਰੋਧ ਨਹੀਂ ਕਰ ਰਿਹਾ, ਪਰ ਵੋਟਰ ਇਸ ਦੇ ਵੱਖੋ ਵੱਖਰੇ ਮਤਲਬ ਕੱਢ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਬਨਣ ਤੋਂ ਬਾਅਦ ਭਾਜਪਾ ’ਚ ਅੰਦਰਖਾਤੇ ਕੁਝ ਠੀਕ ਨਾ ਹੋਣ ਦੀ ਸਥਿਤੀ ਚੱਲ ਰਹੀ ਹੈ ਤੇ ਪੁਰਾਣੇ ਵਰਕਰਾਂ ਦੀ ਪੁੱਛਗਿੱਛ ਵੀ ਘਟ ਗਈ ਹੈ ਤੇ ਪਾਰਟੀ ਦੇ ਉੱਚ ਅਹੁਦਿਆਂ ’ਤੇ ਬੈਠੇ ਰਾਜਨੀਤਿਕ ਮਾਹਿਰ ਇਹ ਸਮਝ ਰਹੇ ਹਨ ਕਿ ਰਾਮ ਮੰਦਰ ਦੇ ਮੁੱਦੇ ’ਤੇ ਪਾਰਟੀ ਨੂੰ ਵੋਟ ਆਪਣੇ ਆਪ ਹੀ ਪੈ ਜਾਣੀ ਹੈ। ਇਸ ਸਬੰਧੀ ਸ਼ਹਿਣਾ ਦੇ ਮੰਡਲ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਜ਼ਿਲ੍ਹਾ ਕਮੇਟੀ ਲਈ ਇਕ ਵਰਕਰ ਦਾ ਨਾਮ ਸਿਫਾਰਸ਼ ਕਰਕੇ ਭੇਜਿਆ ਗਿਆ ਸੀ, ਪਰ ਉਸ ਨੂੰ ਕਮੇਟੀ ’ਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਣੇ ਦੇ ਵਰਕਰ ਨੂੰ ਵੀ ਜ਼ਿਲ੍ਹਾ ਕਮੇਟੀ ’ਚ ਨੁਮਾਇੰਦਗੀ ਦੇਣੀ ਬਣਦੀ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਸ਼ਹਿਣੇ ’ਚ ਪਾਰਟੀ ਦੇ ਜੁਝਾਰੂ ਵਰਕਰ ਹਨ। ਜਿੰਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਜਾਰੀ ਹੋਣ ਵਾਲੀ ਸੂਚੀ ਨੂੰ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ।







