ਜਲੰਧਰ, (ਡੀਡੀ ਨਿਊਜ਼ਪੇਪਰ) 11ਫਰਵਰੀ-ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹਨੀ ਟਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੁਰਾਗ ਮਿਲੀ ਸੀ ਕਿ ਇੱਕ ਗਿਰੋਹ ਹਨੀ ਟਰੈਪ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਲੋਕਾਂ ਨੂੰ ਹੋਟਲਾਂ ਦੇ ਕਮਰਿਆਂ ਵਿੱਚ ਬੁਲਾ ਕੇ ਰਿਕਾਰਡ ਕੀਤੀਆਂ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜਲੰਧਰ ਦੇ ਨੰਗਲ ਸ਼ਾਮਾ ਚੌਂਕ ਨੇੜੇ ਇੱਕ ਜਾਲ ਵਿਛਾ ਕੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪ੍ਰੀਤ ਕੌਰ ਪੁੱਤਰੀ ਕਮਲਜੀਤ ਸਿੰਘ ਵਾਸੀ ਐਚ.ਐਨ.ਓ.ਐਲ 51 ਅਮਰੀਕ ਨਗਰ ਜਲੰਧਰ, ਅਮਨ ਪਤਨੀ ਰਿਸ਼ਵ ਵਾਸੀ ਅਮਰੀਕ ਨਗਰ ਸਾਹਮਣੇ ਰਾਜੂ ਕਰਿਆਨਾ ਸਟੋਰ ਜਲੰਧਰ ਅਤੇ ਮੋਹਿਨੀ ਪਤਨੀ ਰਾਕੇਸ਼ ਕੁਮਾਰ ਵਾਸੀ ਅਮਰੀਕ ਨਗਰ, ਸਾਹਮਣੇ ਰਾਜੂ ਕਰਿਆਨਾ ਸਟੋਰ ਜਲੰਧਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 44 ਮਿਤੀ 09-02-2024 ਅ/ਧ 384/420/120ਬੀ/506 ਆਈ.ਪੀ.ਸੀ. ਦਰਜ ਕੀਤਾ ਗਿਆ ਹੈ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਅਜੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਲੱਭਿਆ ਹੈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੇ ਆਧਾਰ ‘ਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਕ ਹੋਰ ਅਪਰਾਧੀ ਧਰਮਿੰਦਰ ਗਿੱਲ ਵਾਸੀ ਬਸਤੀ ਬਾਵਾ ਖੇਲ ਜਲੰਧਰ ਵੀ ਇਸ ਅਪਰਾਧ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।







