ਡੀਡੀ ਨਿਊਜ਼ਪੇਪਰ, ਦਿੱਲ੍ਹੀ Election Commissioner resigned: ਲੋਕ ਸਭਾ ਚੋਣਾਂ (2024) ਤੋਂ ਕੁਝ ਹਫਤੇ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰੁਣ ਗੋਇਲ ਦਾ ਇਹ ਅਸਤੀਫਾ ਆਮ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਪਹਿਲਾਂ ਆਇਆ ਹੈ।
ਇਸ ਲਈ ਇਸ ਸਬੰਧੀ ਚਰਚਾ ਵੀ ਤੇਜ਼ ਹੋ ਗਈ ਅਤੇ ਸਿਆਸਤ ਦੇ ਗਲਿਆਰਿਆਂ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾਣ ਲੱਗ ਪਈਆਂ।
ਪਰ ਹੁਣ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਅਰੁਣ ਗੋਇਲ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਅਰੁਣ ਗੋਇਲ ਦੀ ਸਿਹਤ ਠੀਕ ਨਹੀਂ ਹੈ ਅਤੇ ਸਿਹਤ ਕਾਰਨਾਂ ਕਰਕੇ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ ਹੈ। ਸੂਤਰ ਤਾਂ ਇਹ ਵੀ ਕਹਿ ਰਹੇ ਹਨ ਕਿ, ਗੋਇਲ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਅਸਤੀਫ਼ਾ ਦਿੱਤਾ ਗਿਆ ਹੈ। ਹਾਲਾਂਕਿ, ਇਸ ਬਾਰੇ ਪ੍ਰਮੁੱਖਤਾ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।‘ਅਰੁਣ ਗੋਇਲ ਦੇ ਅਸਤੀਫੇ ਕਾਰਨ ਪੂਰਾ ਦੇਸ਼ ਚਿੰਤਤ’
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਅਰੁਣ ਗੋਇਲ ਦੇ ਅਸਤੀਫੇ ‘ਤੇ ਕਿਹਾ ਕਿ ਇਹ ਕਾਫੀ ਹੈਰਾਨ ਕਰਨ ਵਾਲਾ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਚੋਣ ਕਮਿਸ਼ਨਰ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਸਿਰਫ਼ ਇੱਕ ਚੋਣ ਕਮਿਸ਼ਨਰ ਹੈ। ਉਨ੍ਹਾਂ ਸਵਾਲ ਕੀਤਾ ਕਿ ਚੋਣ ਕਮਿਸ਼ਨ ਵਿੱਚ ਕੀ ਹੋ ਰਿਹਾ ਹੈ? ਇਸ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ।
‘ਮੋਦੀ ਸਰਕਾਰ ਆਜ਼ਾਦ ਤੇ ਨਿਰਪੱਖ ਚੋਣਾਂ ਨਹੀਂ ਚਾਹੁੰਦੀ’
ਕੇਸੀ ਵੇਣੂਗੋਪਾਲ ਨੇ ਕਿਹਾ ਕਿ ਮੋਦੀ ਸਰਕਾਰ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਚਾਹੁੰਦੀ। ਇਸ ਤੋਂ ਪਹਿਲਾਂ ਉਹ ਭਾਰਤ ਦੇ ਚੀਫ਼ ਜਸਟਿਸ ਨੂੰ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨਰ ਦੀ ਚੋਣ ਸਭਾ ਤੋਂ ਹਟਾ ਚੁੱਕੇ ਹਨ। ਸੀਜੇਆਈ ਦੀ ਥਾਂ ਉਨ੍ਹਾਂ ਨੇ ਇੱਕ ਕੈਬਨਿਟ ਮੰਤਰੀ ਨੂੰ ਸ਼ਾਮਲ ਕੀਤਾ। ਹੁਣ ਇਹ ਸਰਕਾਰੀ ਮਾਮਲਾ ਬਣ ਗਿਆ ਹੈ। ਇਸ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਖਤਮ ਹੋ ਗਈ ਹੈ।
ਅਰੁਣ ਗੋਇਲ ਚੋਣ ਕਮਿਸ਼ਨਰ ਕਦੋਂ ਬਣੇ?ਦੱਸ ਦੇਈਏ ਕਿ ਅਰੁਣ ਗੋਇਲ ਨੇ 21 ਨਵੰਬਰ 2022 ਨੂੰ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਸੱਭਿਆਚਾਰ ਮੰਤਰਾਲੇ ਦੀ ਸਕੱਤਰ, ਦਿੱਲੀ ਵਿਕਾਸ ਅਥਾਰਟੀ ਦੀ ਉਪ ਚੇਅਰਮੈਨ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਅਤੇ ਮਾਲ ਵਿਭਾਗ ਅਤੇ ਵਿੱਤ ਮੰਤਰਾਲੇ ਦੀ ਸੰਯੁਕਤ ਸਕੱਤਰ ਵੀ ਰਹਿ ਚੁੱਕੇ ਹਨ।
ਦੇਸ਼ ਵਿੱਚ ਅਪ੍ਰੈਲ-ਮਈ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਦੇ ਅਸਤੀਫੇ ਕਾਰਨ ਮੋਦੀ ਸਰਕਾਰ ‘ਤੇ ਸਵਾਲ ਉੱਠ ਰਹੇ ਹਨ।







