ਜਲੰਧਰ : ਕਰੀਬ ਚਾਰ ਮਹੀਨਿਆਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਸਾਈਕਲ ਸਟੈਂਡ ਦਾ ਅਸਥਾਈ ਠੇਕਾ ਅਲਾਟ ਕਰ ਦਿੱਤਾ ਗਿਆ ਹੈ। ਇਸ ਤਹਿਤ ਠੇਕੇਦਾਰ 31 ਮਾਰਚ ਤਕ ਕੰਮ ਕਰੇਗਾ। ਇਸ ਤੋਂ ਬਾਅਦ ਵਿੱਤੀ ਵਰ੍ਹੇ ਲਈ ਪੱਕੇ ਤੌਰ ‘ਤੇ ਸਾਈਕਲ ਸਟੈਂਡ ਦਾ ਠੇਕਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 22 ਮਾਰਚ ਨੂੰ ਬੋਲੀ ਰੱਖ ਦਿੱਤੀ ਹੈ। ਇਸ ਲਈ ਅਰਜ਼ੀਆਂ ਮੰਗ ਲਈਆਂ ਗਈਆਂ ਹਨ।
ਦੱਸਣਯੋਗ ਹੈ ਕਿ ਪਾਰਕਿੰਗ ਦੇ ਇਸ ਮਾਮਲੇ ਨੂੰ ‘ਪੰਜਾਬੀ ਜਾਗਰਣ’ ਨੇ ਲਗਾਤਾਰ ਪ੍ਰਮੁੱਖਤਾ ਨਾਲ ਚੁੱਕਿਆ ਸੀ। ਇਸ ਵਿਚ ਪਾਰਕਿੰਗ ਦਾ ਠੇਕੇਦਾਰ ਨਾ ਹੋਣ ਕਾਰਨ ਵਾਹਨਾਂ ਦਾ ਚੋਰੀ ਹੋਣਾ, ਪ੍ਰਬੰਧਕੀ ਕੰਪਲੈਕਸ ਦੇ ਅੰਦਰ ਖਸਤਾਹਾਲ ਵਾਹਨ ਖੜੇ੍ਹ ਰਹਿਣਾ ਅਤੇ ਇਸ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦਾ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਪ੍ਰਬੰਧਕੀ ਕੰਪਲੈਕਸ ਵਿਚ ਸਾਈਕਲ ਸਟੈਂਡ ਦੀ ਬੋਲੀ ਕਰਵਾਉਣ ਦਾ ਫੈਸਲਾ ਲਿਆ ਹੈ।
ਵਰਨਣਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਨੂੰ ਕਿਸਾਨਾਂ ਨੇ ਬਿਜਲੀ ਦੇ ਸਮਾਰਟ ਮੀਟਰ ਲਾਉਣ ਦੇ ਵਿਰੋਧ ਤੇ ਲੰਪੀ ਸਕਿਨ ਬਿਮਾਰੀ ਕਾਰਨ ਹੋਏ ਨੁਕਸਾਨ ਦਾ ਭੁਗਤਾਨ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ-ਬਾਹਰ ਟਰਾਲੀਆਂ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਸੀ। ਇਸ ਦੌਰਾਨ ਸਾਈਕਲ ਸਟੈਂਡ ਵਾਲੀ ਥਾਂ ‘ਤੇ ਰੱਸੀਆਂ ਬੰਨ੍ਹ ਕੇ ਕਿਸਾਨਾਂ ਨੇ ਪੱਕਾ ਧਰਨਾ ਲਾਈ ਰੱਖਿਆ। ਇਸ ਕਾਰਨ ਸਾਈਕਲ ਸਟੈਂਡ ਦੇ ਠੇਕੇਦਾਰ ਨੇ ਸਾਈਕਲ ਸਟੈਂਡ ਵਾਲੀ ਥਾਂ ‘ਤੇ ਕਿਸਾਨਾਂ ਦਾ ਕਬਜ਼ਾ ਹੋਣ ਦਾ ਤਰਕ ਦੇ ਕੇ ਦਸੰਬਰ ਮਹੀਨੇ ਤੋਂ ਵਸੂਲੀ ਬੰਦ ਕਰ ਦਿੱਤੀ। ਹਾਲਾਂਕਿ 15 ਜਨਵਰੀ ਨੂੰ ਕਿਸਾਨਾਂ ਨੇ ਇੱਥੋਂ ਧਰਨਾ ਖ਼ਤਮ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਫਾਰਮ ਵੇਚਣ ਵਾਲਿਆਂ ਨੇ ਮੇਜ਼ ਲਾ ਕੇ ਇਸ ‘ਤੇ ਕਬਜ਼ਾ ਕਰ ਲਿਆ। ਇਹੀ ਕਾਰਨ ਸੀ ਕਿਸੇ ਨੇ ਵੀ ਸਾਈਕਲ ਸਟੈਂਡ ਦਾ ਠੇਕਾ ਲੈਣ ਵਿਚ ਦਿਲਚਸਪੀ ਨਹੀਂ ਦਿਖਾਈ।







