ਲੁਧਿਆਣਾ : ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਨਾਲ ਗੜੇਮਾਰੀ ਹੋਈ। ਤੇਜ਼ ਹਵਾ ਕਾਰਨ ਕਣਕ ਤੇ ਸਰ੍ਹੋਂ ਦੀ ਫ਼ਸਲ ਖੇਤਾਂ ’ਚ ਵਿਛ ਗਈ। ਪਹਿਲਾਂ ਵਧਦੇ ਤਾਪਮਾਨ ਕਾਰਨ ਕਣਕ ਦਾ ਵਾਧਾ ਪ੍ਰਭਾਵਿਤ ਹੋਇਆ, ਹੁਣ ਬਾਰਿਸ਼ ਨੇ ਖੜ੍ਹੀ ਫ਼ਸਲ ’ਤੇ ਪਾਣੀ ਫੇਰ ਦਿੱਤਾ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਖੇਤੀਬਾੜੀ ਵਿਭਾਗ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ’ਚ ਜੁਟ ਗਿਆ ਹੈ। ਕਈ ਜ਼ਿਲ੍ਹਿਆਂ ’ਚ ਫ਼ਸਲਾਂ ਨੂੰ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਲੁਧਿਆਣਾ ’ਚ ਸਭ ਤੋਂ ਵੱਧ 28.6 ਮਿ.ਮੀ. ਬਾਰਿਸ਼ ਰਿਕਾਰਡ ਕੀਤੀ ਗਈ। ਇਸਦੇ ਨਾਲ ਹੀ ਸਮਰਾਲਾ ਤੇ ਇਸਦੇ ਆਸਪਾਸ ਦੇ ਖੇਤਰਾਂ ’ਚ ਬਾਰਿਸ਼ ਨਾਲ ਗੜੇਮਾਰੀ ਵੀ ਹੋਈ। ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਵਾਣੀ ਮੁਤਾਬਕ 21 ਮਾਰਚ ਤਕ ਪੰਜਾਬ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ, ਹਲਕੀ ਬਾਰਿਸ਼ ਤੇ ਕਈ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਜਦੋਂ ਤਕ ਮੌਸਮ ਸਾਫ਼ ਨਹੀਂ ਹੋ ਜਾਂਦਾ, ਉਹ ਫ਼ਸਲਾਂ ਦੀ ਸਿੰਚਾਈ ਨਾ ਕਰਨ। ਬਾਰਿਸ਼ ਕਾਰਨ ਤਾਪਮਾਨ ’ਚ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਦੋ ਤੋਂ ਚਾਰ ਡਿਗਰੀ ਸੈਲਸੀਅਸ ਦਾ ਹੀ ਫ਼ਰਕ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਪਠਾਨਕੋਟ ’ਚ ਦਿਨ ਦਾ ਤਾਪਮਾਨ ਡਿੱਗ ਕੇ 18.7 ਡਿਗਰੀ ਸੈਲਸੀਅਸ ਰਹਿ ਗਿਆ ਤੇ ਰਾਤ ਦਾ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ। ਇੱਥੇ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਇਕ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਉੱਥੇ ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 16.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।







