ਭਵਾਨੀਗੜ੍ਹ,18 ਮਾਰਚ (ਕ੍ਰਿਸ਼ਨ ਚੌਹਾਨ) : ਬੀਤੀ ਦੇਰ ਰਾਤ ਹੋਈ ਬੇਮੌਸਮੀ ਬਰਸਾਤ ਕਾਰਨ ਜਿਲ੍ਹਾ ਸੰਗਰੂਰ ਅੰਦਰ ਕਣਕ ਦੀ ਫ਼ਸਲ ਨੁਕਸਾਨੇ ਜਾਣ ਕਾਰਨ ਕਿਸਾਨਾਂ ਦਾ ਲੱਖਾਂ ਰੁਪੈ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਕੜਾ ਦੇ ਕਿਸਾਨ ਹਰਵਿੰਦਰ ਸਿੰਘ ਕਾਕੜਾ, ਕਮਲਜੀਤ ਸਿੰਘ, ਸਖਵੀਰ ਸਿੰਘ, ਭੁਪਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੇਮੌਸਮੀ ਬਰਸਾਤ ਤੇ ਤੇਜ਼ ਹਵਾ ਚਲਣ ਕਾਰਨ ਕਣਕ ਦੀ ਜਮੀਨ ’ਤੇ ਡਿੱਗ ਜਾਣ ਤੇ ਖੇਤਾਂ ’ਚ ਖੜੇ ਪਾਣੀ ’ਚ ਡੁੱਬ ਜਾਣ ਕਾਰਨ ਬੂਰੀ ਤਰ੍ਹਾਂ ਨੁਕਸਾਨੀ ਗਈ। ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਤੀਜੀ ਵਾਰ ਮੀਂਹ ਤੇ ਗੜੇਮਾਰੀ ਨਾਲ ਫ਼ਸਲ ਦਾ ਨੁਕਸਾਨ ਹੋਣ ਕਾਰਨ ਕਿਸਾਨਾਂ ਸਿਰ ਵੱਡਾ ਕਰਜੇ ਦਾ ਭਾਰ ਚੜ੍ਹ ਗਿਆ ਹੈ। ਕਿਸਾਨਾਂ ਨੇ ਰੋਸ਼ ਜਾਹਿਰ ਕੀਤਾ ਕਿ ਪਿਛਲੇ ਦੋ ਸੀਜਨਾਂ ਦੌਰਾਨ ਗੜੇ ਮਾਰੀ ਤੇ ਮੀਂਹ ਨਾਲ ਨੁਕਸਾਨੀ ਗਈ ਕਣਕ ਦੀ ਫ਼ਸਲ ਦਾ ਮੁਆਵਜਾ ਦੇਣ ਸਮੇਂ ਉਸ ਸਮੇਂ ਦੀ ਸਰਕਾਰ ਵੱਲੋਂ ਕਾਣੀ ਵੰਡ ਕੀਤੀ ਗਈ ਸੀ। ਜਿਸ ਕਾਰਨ ਬਹੁਤੇ ਕਿਸਾਨਾਂ ਨੂੰ ਇਹ ਮੁਆਵਜਾ ਨਹੀਂ ਸੀ ਮਿਲਿਆ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦਾ ਬੀਮਾਂ ਕੀਤਾ ਜਾਵੇ ਤੇ ਇਸ ਬੇਮੌਸਮੀ ਬਰਸਾਤ ਨਾਲ ਫ਼ਸਲ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਪੂਰੀ ਇਮਾਨਦਾਰੀ ਨਾਲ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਬੂਰੀ ਤਰ੍ਹਾਂ ਨੁਕਸਾਨੇ ਜਾਣ ਕਾਰਨ ਤੇ ਪਸ਼ੂਆਂ ਲਈ ਬੀਜਿਆਂ ਹਰਾ ਚਾਰਾ ਵੀ ਜਮੀਨ ਉਪਰ ਵਿਛ ਜਾਣ ਕਾਰਨ ਉਨ੍ਹਾਂ ਦਾ ਲੱਖਾਂ ਰੁਪੈ ਦਾ ਨੁਕਸਾਨ ਹੋਇਆ ਹੈ।







