ਭਵਾਨੀਗੜ੍ਹ,18 ਮਾਰਚ(ਕ੍ਰਿਸ਼ਨ ਚੌਹਾਨ) : ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਸਥਾਨਕ ਬਖੋਪੀਰ ਰੋਡ ਤੇ ਬਿਜਲੀ ਵਿਭਾਗ ਵਿਚ ਸੇਵਾਮੁਕਤ ਮੁਲਾਜਮ ਰਣਜੀਤ ਸਿੰਘ ਦਾ ਭਾਰੀ ਨੁਕਸਾਨ ਹੋ ਗਿਆ।
ਘਰ ਦੇ ਮਾਲਕ ਰਣਜੀਤ ਸਿੰਘ ਅਤੇ ਜਸਪਾਲ ਕੌਰ ਨੇ ਦੱਸਿਆ ਕਿ ਉਹ ਰਾਤ ਨੂੰ ਹਰ ਰੋਜ ਦੀ ਤਰ੍ਹਾਂ ਸੁੱਤੇ ਪਏ ਸਨ ਜਿਉਂ ਹੀ ਬਾਰਿਸ਼ ਅਤੇ ਬਿਜਲੀ ਕੜਕਣ ਦੀਆਂ ਆਵਾਜਾਂ ਸੁਣਾਈ ਦਿੱਤੀਆਂ ਤਾਂ ਉਹ ਝੱਟ ਉਠ ਗਏ। ਬਿਜਲੀ ਦੀ ਲਛਕ ਅਤੇ ਕੜਕਦੀ ਆਵਾਜ਼ ਸੁਣਕੇ ਸਾਡੇ ਬੱਚੇ ਵੀ ਸਹਿਮਦੇ ਹੋਏ ਜਾਗ ਪਏ। ਫਿਰ ਇਕਦਮ ਘਰ ਵਿਚ ਚਾਨਣ ਹੋਇਆ ਤਾਂ ਪਤਾ ਚੱਲਿਆ ਕਿ ਸਾਡੇ ਘਰ ’ਤੇ ਅਸਮਾਨੀ ਬਿਜਲੀ ਦੀ ਮਾਰ ਪੈ ਗਈ ਹੈ। ਅਸਮਾਨੀ ਬਿਜਲੀ ਡਿੱਗਣ ਨਾਲ ਘਰ ਵਿਚ ਲੱਗੇ ਬਿਜਲੀ ਦੇ ਪੱਖੇ, ਐਲ ਸੀ ਡੀ, ਕੱਪੜੇ ਧੋਣ ਵਾਲੀ ਮਸ਼ੀਨ, ਇਨਵਟਰ, ਪਾਣੀ ਵਾਲੀ ਟੈਂਕੀ, ਸਮਰਸੀਬਲ ਮੋਟਰ ਅਤੇ ਹੋਰ ਸਮਾਨ ਬਿਜਲੀ ਦੀ ਲਪੇਟ ਵਿਚ ਆ ਗਿਆ ਜਿਸ ਨਾਲ ਉਹਨਾਂ ਦਾ 70 ਹਜਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਇਸਦੇ ਨਾਲ ਹੀ ਕੋਠੀ ਵਿਚ ਤਰੇੜਾਂ ਵੀ ਆ ਗਈਆਂ। ਉਹਨਾਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।







