ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਧਮਾਕੇ ਵਾਲੀ ਥਾਂ ਤੋਂ ਜੋ ਚਿੱਠੀ ਮਿਲੀ ਸੀ ਉਸ ‘ਚ ਹੈਰਾਨੀਜਨਕ ਖੁਲਾਸੇ ਹੋਏ ਹਨ। ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਸ ਚਿੱਠੀ ਵਿੱਚ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿੱਚ ਅੰਮ੍ਰਿਤਪਾਲ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਇਸ ਚਿੱਠੀ ‘ਚ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਵਿਖੇ ਝਗੜਾ ਕਰਨ ਵਾਲੀ ਕੁੜੀ ਨੂੰ ਰੋਕਣ ਲਈ ਵਾਪਰੀ ਘਟਨਾ ਬਾਰੇ ਵੀ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸ਼੍ਰੀ ਦਰਬਾਰ ਦੇ ਕੋਲ ਹੈਰੀਟੇਜ ਸਟਰੀਟ ‘ਤੇ 3 ਧਮਾਕੇ ਹੋਏ ਸਨ ਜਿਸ ‘ਚ ਪੁਲਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਨੂੰ 7 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਦੱਸ ਦਈਏ ਕਿ ਤੀਜੇ ਧਮਾਕੇ ਦੌਰਾਨ ਇੱਕ ਚਿਠੀ ਮਿਲੀ ਸੀ ਜਿਸ ਨੂੰ ਲੈ ਕੇ ਪੁਲਸ ਹਰ ਕੋਣ ਤੋਂ ਜਾਂਚ ਕਰ ਰਹੀ ਸੀ ਕਿ ਆਖਿਰ ਇਹ ਚਿੱਠੀ ਕਿਸ ਨੂੰ ਭੇਜੀ ਜਾਣੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਚਿੱਠੀ ਰਾਹੀਂ ਨਵਾਂ ਵਿਵਾਦ ਖੜ੍ਹਾ ਹੋ ਜਾਣਾ ਸੀ।







