4, ਅਗਸਤ ਧੂਰੀ (ਡੀਡੀ ਨਿਊਜ਼ ਪੇਪਰ ) ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਮੈਨੇਜ਼ਰ ਜਗਦੇਵ ਸ਼ਰਮਾ ਬੁਗਰਾ ਦੇ ਕਹਾਣੀ ਸੰਗ੍ਰਹਿ ‘ਗੁਆਚੀਆਂ ਜ਼ਮੀਰਾਂ’ ਦਾ ਲੋਕ ਅਰਪਣ ਸਮਾਰੋਹ ਅਤੇ ਗੋਸ਼ਟੀ ਦਾ ਆਯੋਜਨ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਦੀ ਸਰਪ੍ਰਸਤੀ ਅਧੀਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਵਿਸ਼ੇਸ਼ ਮਹਿਮਾਨ ਵਜੋਂ ਤਰਲੋਚਨ ਸਿੰਘ ਭੱਟਮਾਜਰਾ ਸ਼ਾਮਲ ਸਨ । ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਦੇ ਸੁਆਗਤੀ ਸ਼ਬਦਾਂ ਨਾਲ ਹੋਈ , ਬੀਤੇ ਦਿਨੀਂ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਇੱਕ ਵੱਖਰੇ ਮਤੇ ਰਾਹੀਂ ਡਾ. ਭੀਮ ਇੰਦਰ ਸਿੰਘ ਨੂੰ ਵਿਸ਼ਵ ਪੰਜਾਬੀ ਸਾਹਿਤ ਕੇਂਦਰ ਦਾ ਚੇਅਰਮੈਨ ਨਿਯੁਕਤ ਹੋਣ , ਪਾਲੀ ਖ਼ਾਦਿਮ ਨੂੰ ਰਾਸ਼ਟਰੀ ਐਵਾਰਡ ਮਿਲਣ ਤੇ ਕੁਲਜੀਤ ਧਵਨ ਨੂੰ ਪੋਤੀ ਦੇ ਜਨਮ ਦੀ ਮੁਬਾਰਕਬਾਦ ਵੀ ਦਿੱਤੀ ਗਈ ।
ਗੁਆਚੀਆਂ ਜ਼ਮੀਰਾਂ ਪੁਸਤਕ ‘ਤੇ ਪੇਪਰ ਪੜ੍ਹਦਿਆਂ ਉੱਘੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਨੇ ਇੱਕ ਲੇਖਕ ਅਤੇ ਅਲੋਚਕ ਦੀ ਨਜ਼ਰ ਤੋਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਦਿਆਂ ਵਿਸ਼ਾ ਪੱਖ , ਕਲਾ ਪੱਖ ਤੇ ਵਿਚਾਰਧਾਰਾ ਪੱਖ ਦੀ ਗੱਲ ਵਿਸਥਾਰ ਸਹਿਤ ਕੀਤੀ ਅਤੇ ਲੇਖਕ ਵਿਚਲੇ ਕਹਾਣੀਕਾਰ ਦੀ ਪ੍ਰਸੰਸਾ ਕੀਤੀ । ਦੂਸਰੇ ਪੇਪਰ ਵਿੱਚ ਤਰਲੋਚਨ ਸਿੰਘ ਭੱਟਮਾਜਰਾ ਨੇ ਪਾਠਕ ਦੀ ਨਜ਼ਰ ਤੋਂ ਇਕੱਲੀ ਇਕੱਲੀ ਕਹਾਣੀ ਦੀ ਸਮੀਖਿਆ ਕਰਦਿਆਂ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਅਤੇ ਸੰਭਾਲਣ ਯੋਗ ਕਰਾਰ ਦਿੱਤਾ । ਇਸ ਤੋਂ ਇਲਾਵਾ ਕਿਤਾਬ ਅਤੇ ਪੇਪਰਾਂ ਬਾਰੇ ਜਸਪਾਲ ਸ਼ਰਮਾ ਅਤੇ ਭੁਪਿੰਦਰ ਪਾਲ ਰਿਸ਼ੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।
ਦੂਸਰੇ ਦੌਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕਰਮ ਸਿੰਘ ਜ਼ਖ਼ਮੀ , ਅਮਰ ਗਰਗ , ਗੁਰਦਿਆਲ ਨਿਰਮਾਣ , ਰਾਜਿੰਦਰ ਰਾਜਨ , ਪਿ੍ੰਸੀਪਲ ਸੁਖਜੀਤ ਕੌਰ ਸੋਹੀ , ਸੁਰਜੀਤ ਸਿੰਘ ਮੌਜੀ , ਪਰੇਮ ਗੋਇਲ , ਕਰਨਜੀਤ ਸਿੰਘ , ਸੁਖਵਿੰਦਰ ਲੋਟੇ , ਅਜਮੇਰ ਸਿੰਘ ਫਰੀਦਪੁਰ , ਰਮੇਸ ਕੁਮਾਰ , ਡਾ. ਇਕਬਾਲ ਸਿੰਘ ਸਕਰੌਦੀ , ਇੰਦਰਜੀਤ ਸਿੰਘ , ਚਰਨਜੀਤ ਮੀਮਸਾ , ਮਹਿੰਦਰ ਜੀਤ ਸਿੰਘ , ਕਰਮਜੀਤ ਹਰਿਆਊ , ਡਾ. ਪਰਮਜੀਤ ਦਰਦੀ , ਸੁਰਿੰਦਰ ਸ਼ਰਮਾ , ਲੀਲਾ ਖਾਨ , ਪੇਂਟਰ ਸੁਖਦੇਵ ਸਿੰਘ , ਅਸ਼ੋਕ ਭੰਡਾਰੀ , ਰਮੇਸ਼ ਕੁਮਾਰ , ਅਸ਼ਵਨੀ ਕੁਮਾਰ ਲੈਕਚਰਾਰ , ਬੇਬੀ ਅਸਮਾਂ ਅਤੇ ਰੇਣੂੰ ਸ਼ਰਮਾ ਹਥਨ ਨੇ ਆਪੋ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।







