ਜਲੰਧਰ : ਅਤਿ ਗਰੀਬੀ ਦੀ ਹਾਲਤ ’ਚ ਵੀ ਗੁਰੂ ਦਾ ਲੜ ਨਾ ਛੱਡਣ ਵਾਲੇ 40 ਗਰੀਬ ਪਰਿਵਾਰਾਂ ਦੀ ਸਾਰ ਲੈਣ ਲਈ ਅੱਜ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਆਪਣੀ ਟੀਮ ਅਤੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਗੁਰਚਰਨ ਸਿੰਘ ਬਨਵੈਤ ਜ਼ਿਲ੍ਹਾ ਲੁਧਿਆਣਾ ’ਚ ਪੈਂਦੇ ਮੱਤਵਾੜੇ ਦੇ ਜੰਗਲ ਨੇੜੇ ਪਿੰਡ ਸਲੇਮਪੁਰ ’ਚ ਪੁੱਜੀ। ਟੀਮ ਨੇ ਉਕਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਇਹ ਸਿੱਖ ਪਰਿਵਾਰ 1947 ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਤੋਂ ਉਜੜ ਕੇ ਸਤਲੁਜ ਦੇ ਕੰਢੇ ਵੱਸ ਗਏ ਸਨ। ਫਿਰ 1988 ’ਚ ਜਦੋਂ ਪੰਜਾਬ ’ਚ ਹੜ੍ਹ ਆਏ ਤਾਂ ਇਨ੍ਹਾਂ ਦਾ ਸਾਰਾ ਸਾਮਾਨ ਹੜ੍ਹਾਂ ਦੀ ਭੇਟ ਚੜ੍ਹ ਗਿਆ ਤਾਂ ਇਹ ਖਾਲੀ ਹੱਥ ਇੱਥੇ ਆ ਕੇ ਵੱਸ ਗਏ। ਅੱਜ ਇਨ੍ਹਾਂ 40 ਗਰੀਬ ਸਿੱਖ ਪਰਿਵਾਰਾਂ ਦੇ 200 ਮੈਂਬਰਾਂ ਨਾਲ ਮੁਲਾਕਾਤ ਕਰ ਕੇ ਸਾਰੀ ਸਥਿਤੀ ਦਾ ਹਾਲ ਜਾਣਿਆ। ਇਨ੍ਹਾਂ ਅਤਿ ਗਰੀਬੀ ਦੀ ਹਾਲਤ ਵਿਚ ਸਿੱਖੀ ਦਾ ਪੱਲਾ ਨਹੀਂ ਛੱਡਿਆ ਹਾਲਾਂਕਿ ਕਈ ਵਾਰ ਕ੍ਰਿਸਚੀਅਨ ਆਗੂਆਂ ਨੇ ਪਹੁੰਚ ਕੀਤੀ ਤੇ ਪੱਕੇ ਘਰ ਬਣਾ ਕੇ ਦੇਣ ਦੀ ਪੇਸ਼ਕਸ਼ ਵੀ ਕੀਤੀ। ਚੇਅਰਮੈਨ ਭੋਮਾ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨੇ ਇਕ ਕਮਰਾ ਬਣਾ ਕੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੈ ਪਰ ਛੱਤ ਬਾਲਿਆਂ ਵਾਲੀ ਹੈ। ਚੋਣਾਂ ਦੌਰਾਨ ਹਰ ਸਿਆਸੀ ਪਾਰਟੀ ਦੇ ਆਗੂ ਆਉਂਦੇ ਰਹੇ ਤੇ ਸਬਜ਼ਬਾਗ ਦਿਖਾ ਕੇ ਹਰ ਵਾਰ ਵੋਟਾਂ ਲੈ ਜਾਂਦੇ ਰਹੇ ਪਰ ਇਨ੍ਹਾਂ ਦੀ ਹਾਲਤ ਸੁਧਾਰਨ ਲਈ ਕੁਝ ਨਹੀਂ ਕੀਤਾ। ਹਰ ਪਰਿਵਾਰ ਦੀ ਆਪਣੀ ਵੱਖਰੀ ਦਰਦਭਰੀ ਕਹਾਣੀ ਹੈ। ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਗਰੀਬ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਵੀ ਪੰਥਕ ਸੰਸਥਾ ਨੇ ਹਾਲੇ ਤੱਕ ਬਾਂਹ ਨਹੀਂ ਫੜੀ। ਇਨ੍ਹਾਂ ਨੂੰ ਕਈ ਵਾਰ ਜੰਗਲਾਤ ਵਿਭਾਗ ਤੇ ਇਲਾਕੇ ਦੇ ਭੂ-ਮਾਫੀਏ ਨੇ ਇਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੀ ਗੁਰਬਤ ਭਰੀ ਜ਼ਿੰਦਗੀ ਦੀ ਰਿਪੋਰਟ ਬਣਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਭੇਜ ਰਹੇ ਹਨ ਤਾਂ ਜੋ ਪਰਿਵਾਰਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ। ਉਨ੍ਹਾਂ ਅਮੀਰ ਸਿੱਖਾਂ ਤੇ ਐੱਨਆਰਆਈਜ਼ ਨੂੰ ਇਨ੍ਹਾਂ ਗਰੀਬ ਸਿੱਖ ਭਰਾਵਾਂ ਦੀ ਦਿਲ ਖੋਲ੍ਹ ਕੇ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਲਵਿੰਦਰ ਸਿੰਘ ਪੰਨੂੰ, ਦਰਸ਼ਨ ਸਿੰਘ ਰੋਪੜ, ਕੁਲਬੀਰ ਸਿੰਘ ਮੱਤੇਨੰਗਲ, ਜਗਦੀਪ ਸਿੰਘ ਸਮਰਾ, ਸੁਖਵਿੰਦਰ ਸਿੰਘ ਖਿਆਲਾ ਆਦਿ ਮੌਜੂਦ ਸਨ।







